ਤੇਰਾ ਚੇਤਾ
ਵਸਿਆ ਹੈ ਮੇਰੇ ਸਾਹਾਂ ਵਿਚ
ਮੇਰੇ ਸਖਤ ਹੱਥਾਂ ਤੇ
ਪਏ ਅੱਟਣਾਂ ਵਾਂਗ,
ਤੇਰਾ ਚੇਤਾ
ਸਬੂਤ ਹੈ
ਮੇਰੀ ਰੂਹ ਦੀ ਕਮਾਈ ਦਾ
ਤੇ ਅੱਟਣ ਬਿਆਨ ਹਨ
ਭੁੱਖ ਨਾਲ ਸਾਡੀ ਲੜਾਈ ਦਾ,
ਤੂੰ ਕਹੇਂਗਾ ਭੁੱਖ ਤੇ ਰੂਹ ?
ਬੜਾ ਅਜੀਬ ਜਿਹਾ ਲੱਗਦਾ
ਪਰ ਜਿੱਥੇ
ਭੁੱਖ ਦੀ ਸਤਾਈ ਕਿਸੇ ਕੰਜਕ ਦੀ
ਮਾਸੂਮ ਰੂਹ
ਖੁਦਕੁਸ਼ੀ ਕਰ ਜਾਂਦੀ ਹੈ
’ਬਾਈ’ ਦੇ ਕੋਠੇ ਦੀ ਕਿਸੇ ਸਲ੍ਹਾਬੀ ਨੁੱਕਰ ’ਚ
ਲਾਚਾਰੀ ਤੇ ਬੇਵੱਸੀ ਸੰਗ ਘੁਲਦੀ
ਕੋਈ ਰੂਹ ਟੈਂਕੀ ਤੇ ਚੜ੍ਹਕੇ
ਸੁਆਹ ਹੋ ਜਾਂਦੀ ਹੈ ਅੱਗ ਦੀ ਉਮਰੇ
ਇੱਥੇ ਰੂਹ ਦੇ
ਸਾਰੇ ਸੁਆਲਾਂ ਜਵਾਬਾਂ ਤੋਂ ਪਹਿਲਾਂ
ਹੱਲ ਕਰਨਾਂ ਪੈਂਦਾ
ਭੁੱਖਾਂ ਦੇ ਸਮੀਕਰਨਾਂ ਨੂੰ,
ਆ ਰੂਹਾਂ ਦੀਆਂ ਕਾਤਲ
ਇਹਨਾਂ ਫਿਜ਼ਾਵਾਂ ਨੂੰ ਬਦਲਣ ਦਾ
ਅਹਿਦ ਲਈਏ
ਤਾਂ ਜੋ ਭੁੱਖ ਨੂੰ ਕਰ ਸਕੀਏ ਮਨਫੀ
ਰੂਹਾਂ ਦੇ ਮਾਸੂਮ ਹਿਸਾਬਾਂ ’ਚੋਂ.......ਜਸਪ੍ਰੀਤ ਸਿਵੀਆਂ 4/4/11