Monday, August 8, 2011

ਜੁਗਨੂੰ

ਦੂਰ ਖਲਾਅ ਵਿਚ
ਡੁੱਬਦਾ ਸੂਰਜ ਤੱਕ
ਹਾਕਮਾਂ ਦੇ ਚਿਹਰੇ ਖਿਲ ਗਏ
ਰਾਜ ਭਵਨਾਂ ਤੋ. ਐਲਾਨ ਹੋਏ
ਕਿ ਰੌਸ਼ਨੀ ਦਾ ਯੂੱਗ ਬੀਤ ਗਿਆ
ਹਕੂਮਤੀ ਵਾਜੇ ਚੀਕੇ
ਕਿ ਚਾਨਣ ਦੀ ਕੁੱਖ ਬਾਂਝ ਹੋ ਗਈ
ਕਿਰਨਾਂ ਦੇ ਸਿਰ ਦਾ ਸਾਂਈ ਉਠ ਗਿਆ,
ਚਾਰ ਚੁਫੇਰ ਛਾਏ ਹਨੇਰ ਵਿੱਚ
ਘਬਰਾਈ ਮਨੁੱਖਤਾ
ਦੂਰ ਕਿਸੇ ਕੋਨੇ ਜਾ ਬੈਠੀ ਸੀ
ਡਰੀ-ਡਰੀ, ਸਹਿਮੀ-ਸਹਿਮੀ,
ਮਨੁੱਖਤਾ ਦੀ ਆਸ ਬਣੇ ਸਨ ਉਦੋ.
ਜੁਗਨੂੰਆਂ ਵਾਂਗ ਟਿਮਕਦੇ ਕੁਝ ਲੋਕ
ਹਨੇਰਿਆਂ ਦੀ ਘੁਲਾੜੀ ਵਿਚ ਪਿਸਦੇ
ਲੋਆਂ ਵੰਡਦੇ
ਹਕੂਮਤੀ ਜਬਰ ਹੰਢਾਉਂਦੇ
ਝੂਠੇ ਐਲਾਨਾਂ ਦਾ ਮੂੰਹ ਚਿੜਾਉਂਦੇ
ਮਨੁੱਖਤਾ ਦਾ ਰਾਹ ਰੁਸ਼ਨਾਉਂਦੇ
ਚੇਤਨਾ ਦੀ ਜਾਗ ਲਾਉਂਦੇ,
ਸ਼ੂਕਦਾ ਦਰਿਆ ਬਣ
ਸੂਰਜ ਵੱਲ ਤੁਰੇ
ਜੁਗਨੂੰਆਂ ਦੀ ਗਿਣਤੀ
ਵਧ ਰਹੀ ਹੈ
ਦਿਨ ਦੂਣੀ ਰਾਤ ਚੌਣੀ
ਦੂਰ ਦਿਸਹੱਦੇ ਤੇ
ਪਹੁ ਫੁਟਦੀ ਤੱਕ
ਤਿਲਮਿਲਾ ਉਠੇ ਨੇ ਹਾਕਮ
ਚਾਨਣ ਨੂੰ ਬੰਨਣ ਲਈ
ਜੁਗਨੂੰਆਂ ਦਾਂ ਹੱਠ ਭੰਨਣ ਲਈ
ਵਾਛੜ ਅੱਗ ਦੀ ਨੇ ਕਰ ਰਹੇ
ਪਰ ਜੁਗਨੂੰ ਤਾਂ ਅੱਗ ਖਾ ਕੇ
ਦਗਦੇ ਸੂਰਜਾਂ ਵਿਚ ਨੇ ਢਲ ਰਹੇ
ਚੜ੍ਹ੍ਰਦੀ ਸਵੇਰ ਦੀ ਲਾਲੀ ਵਿਚ
ਜੁਗਨੂੰਆਂ ਦੇ ਐਲਾਨ ਗੂੰਜਦੇ ਨੇ
ਕਿ ਚਾਨਣ ਦੀ ਕੁੱਖ ਕਦੇ ਬਾਂਝ ਨਹੀਂ ਹੁੰਦੀ
ਕਿਰਨਾਂ ਦੀ ਕਦੇ ਮੌਤ ਨਹੀ ਹੁੰਦੀ............. ਜਸਪ੍ਰੀਤ ਸਿਵੀਆਂ 01/06/2011

ਬੱਦਲੀ ਤੇ ਮਾਰੂਥਲ

ਬੱਦਲੀ ਤੇ ਮਾਰੂਥਲ ਦੀ ਇਹ ਕਹਾਣੀ ਬੜੀ ਪੁਰਾਣੀ ਹੈ ਸ਼ਾਇਦ , ਪਰ ਜਦ ਵੀ ਕਿਧਰੇ ਆਸਾਂ ਦਾ ਸਾਵਣ ਚੜ੍ਹਦਾ, ਅੱਲੜ੍ਹ ਸੁਪਨਿਆਂ ਦੀਆਂ ਘਟਾਵਾਂ ਮਨ ਦੇ ਵਿਹੜੇ ਛਾਵਣ ਤਾਂ ਚੇਤੇ ਆਉਦੀ ਹੈ ਇਹੋ ਕਹਾਣੀ| ਇਕ ਮਾਰੂਥਲ ਆਮ ਜਿਹਾ, ਪਰ ਫਿਰ ਵੀ ਜਿਵੇ ਹੋਰਨਾਂ ਮਾਰੂਥਲਾਂ ਵਰਗਾ ਨਹੀ. ਸੀ, ਉਹ ਆਪਣੀ ਤੇਹ ਦੀ ਸੀਮਾ ਵਾਚਣਾ ਚਾਹੁੰਦਾ ਸੀ ਸ਼ਾਇਦ ਜਾਂ ਸੋਚਦਾ ਸੀ ਕਿ ਪਿਆਸ ਬੁਝਾ ਆਪਣੀ ਮਾਰੂਥਲ ਤੋ.ਹਰਾ ਮੈਦਾਨ ਹੋ ਜਾਵਾਂ ਜਿੱਥੇ ਖੁਸ਼ੀਆਂ ਦੇ ਫੁੱਲ ਟਹਿਕਣ, ਸੱਧਰਾਂ ਦੀਆਂ ਬਹਾਰਾਂ ਮਹਿਕਣ, ਕੁਦਰਤ ਦੇ ਰੰਗ ਵਿੱਚ ਰੰਗ ਕੇ ਜਿੱਥੇ ਪੈਰ ਆਦਮ ਹਵਾ ਦੇ ਬਹਿਕਣ, ਪਰ ਹੈ ਤਾਂ ਮਾਰੂਥਲ ਸੀ ਨਾ, ਜ਼ਰਾ-ਜ਼ਰਾ ਤਿਹਾਇਆ| ਸੁਣਿਆ ਇਕ ਵਾਰ ਇਕ ਬੱਦਲੀ ਜਿਵੇ. ਭਟਕ ਗਈ ਹੋਵੇ ਸਮਿਆਂ ਦੇ ਦਸਤੂਰ ਤੋਂ, ਮਾਰੂਥਲ ਦੇ ਕੋਲ ਦੀ ਗੁਜ਼ਰੀ, ਬੜੀ ਨਿਰਛਲ ਜਿਹੀ, ਮੋਹ ਦੇ ਪਾਣੀਆਂ ਸੰਗ ਭਰੀ ਤੇ ਸੁਪਨਿਆਂ ਲੱਦੀ, ਮਹਿਕਾਂ ਵੰਡਦੀ ਮਾਰੂਥਲ ਦੇ ਖਿਆਲਾਂ ਦੇ ਰੰਗ ਵਰਗੀ| ਮਾਰੂਥਲ ਨੇ ਆਪਣਾ ਕਿਣਕਾ-ਕਿਣਕਾ ਖੋਲ੍ਹ ਕੇ ਰੱਖ ਦਿੱਤਾ ਤੇ ਬੱਦਲੀ ਜਿਵੇ ਵਹਿਣ ਹੀ ਲੱਗੀ ਸੀ ਉਦੇ ਕਿਣਕਿਆਂ ਦੀ ਤੇਹ ਵਿੱਚ| ਪਰ ਫਿਰ ਜਿਵੇ. ਬੱਦਲੀ ਘਬਰਾ ਗਈ ਮਾਰੂਥਲ ਦੇ ਪਿਆਸ ਦੇਖ ਲੱਗਿਆ ਮੇਰੇ ਮੋਹ ਦੇ ਪਾਣੀ ਤਾਂ ਰੁੜ੍ਹ ਜਾਣਗੇ ਇਹਦੇ ਜ਼ਰਿਆਂ ਸੰਗ ਮੁੱਕ ਜਾਵੇਗੀ ਮੇਰੀ ਹੋਂਦ| ਤੇ ਆਪਣੀ ਹੋਦ ਦੀ ਸਲਾਮਤੀ ਲਈ ਬੱਦਲੀ ਨੇ ਖੁਦ ਨੁੰ ਸਮੇਟ ਕੇ ਸਾਗਰਾਂ ਦਾ ਰੁਖ ਕੀਤਾ| ਸ਼ਇਦ ਉਹ ਸੋਚਦੀ ਸੀ ਜਿੱਥੇ ਬੇਥਾਹ ਪਾਣੀ ਹੈ ਉਥੇ ਹਮੇਸ਼ਾ ਕਾਇਮ ਰਹੇਗੀ ਮੇਰੀ ਹੋਂਦ| ਪਰ ਚੇਤੇ ਨਾ ਰਿਹਾ ਕਿ ਉਥੇ ਤਾਂ ਖੁਦਕੁਸ਼ੀਆਂ ਕਰ ਗਈਆਂ ਨੇ ਵੱਡੀਆਂ ਵੱਡੀਆਂ ਨਦੀਆਂ ਕਈ, ਉਥੇ ਤਾਂ ਅੱਖਾਂ ਦੇ ਨੀਰ ਤੇ ਮੋਹ ਦੇ ਪਾਣੀ ਕੋਈ ਅਰਥ ਨਾ ਰੱਖਦੇ| ਤੇ ਉਹ ਵੀ ਵਰ੍ਹ ਗਈ ਆਪਣੇ ਮੋਹ ਦੇ ਪਾਣੀਆਂ ਸੰਗ ਖਾਰੇ ਸਾਗਰ ਦੀ ਛਾਤੀ ਤੇ| ਫਿਰ ਹੋਦ ਕਿੱਥੇ ਰਹਿਣੀ ਸੀ ਸਾਗਰ ਦੇ ਸਾਹਮਣੇ ਬੱਦਲੀ ਦੀ|ਮੀਲਾਂ ਤੱਕ ਫੈਲੇ ਖਾਰੇ ਪਾਣੀਆਂ ’ਚ ਕਿਵੇਂ ਬਚਦੇ ਮੋਹ ਦੇ ਪਾਣੀਆਂ ਦੇ ਅਰਥ|ਉਧਰ ਮਾਰੂਥਲ ਵੀ ਆਪਣੀ ਪਿਆਸ ਬੁਝਾਵਣ ਲਈ,ਬੱਦਲੀ ਦੇ ਸਿਰਨਾਵਾਂ ਛਾਣਦਾ, ਹਵਾਂ ਦੇ ਸੰਗ ਕਿਣਕਾ ਕਿਣਕਾ ਹੋ ਕੇ ਬਿਖਰ ਗਿਆ ਮਾਰੂਥਲ ਨਹੀ. ਸੀ ਕਿਤੇ ਹੁਣ, ਪਰ ਉਹ ਜਾਣ ਗਿਆ ਕਿ ਬੱਦਲੀ ਤੇਹ ਤੋ. ਨਾ ਸੀ ਘਬਰਾਈ ਉਹਦੇ ਹੱਥ ਤਾਂ ਕੁਝ ਨਾ ਸੀ ਇਹ ਤਾਂ ਸਮਿਆਂ ਦੀ ਬੇਦਰਦੀ ਪੌਣ ਨੇ ਤਹਿ ਕੀਤੀ ਮੰਜ਼ਿਲ ਉਸਦੇ ਵਰ੍ਹਨ ਦੀ ਤੇ ਉਹ ਮਜ਼ਬੂਰ ਜਿਹੀ, ਲਾਚਾਰ ਜਿਹੀ ਆਪਣੇ ਸੰਗ ਲੜ੍ਹਦੀ, ਬੇਰੋਕ ਬੇਰਹਿਮ ਪੌਣਾਂ ਸੰਗ ਵਹਿੰਦੀ ਲੰਘ ਨਾ ਸਕੀ ਸਮਿਆਂ ਦੀ ਸੀਮਾਵਾਂ ਤੇ ਹੋਦ ਗਵਾ ਬੈਠੀ| ਮਾਰੂਥਲ ਸੋਚਦਾ ਕਿ ਹੋਂਦ ਤਾਂ ਉਸਦੀ ਮਿਟ ਜਾਣੀ ਹੀ ਸੀ ਮੇਰੇ ਕਿਣਕਿਆਂ ਦੀ ਤੇਹ ਤੋ ਆਪਣੇ ਮੋਹ ਦੇ ਪਾਣੀ ਵਾਰ ਕੇ ਵੀ| ਪਰ ਫਿਰ ਮੇਰੀ ਵੀ ਤਾ ਕੋਈ ਹੋਂਦ ਨਾ ਰਹਿੰਦੀ|ਤੇ ਇਕ ਨਵੀ ਹੋਂਦ ਜਨਮ ਲੈਦੀ ਜੋ ਨਾ ਜਾਣਦੀ ਪਰਿਭਾਸ਼ਾ ਅਧੂਰੇਪਨ ਦੀ, ਪਾਣੀਆਂ ਤੇਹ ਦੀ, ਹਵਾਵਾਂ ਸੰਗ ਵਹਿਣ ਦੀ ਮਜ਼ਬੂਰੀ| ਉਹਦੇ ਮੋਹ ਦੇ ਪਾਣੀਆਂ ਵਿੱਚ ਬੱਝੇ ਮੇਰੇ ਕਿਣਕੇ ਬਣਦੇ ਉਹ ਥਾਂ ਜਿੱਥੇ ਸਾਡੇ ਸੁਪਨੇ ਮੌਲਦੇ, ਸਧਰਾਂ ਨੂੰ ਬੂਰ ਪੈਦੇ ਤੇ| ਤੇ ਹੁਣ ਮਾਰੂਥਲ ਕਿੰਨੇ ਹੀ ਸਮਿਆਂ ਤੋ. ਚੁੱਪ ਚਾਪ ਜਿਵੇ ਬੱਦਲੀ ਦਾ ਹੁੰਗਾਰਾ ਉਡੀਕਦਾ ਹੋਵੇ ਉਹ ਸੋਚਦਾ ਦੋਵਾਂ ਦਾ ਅਧੂਰਾਪਨ ਹੀ ਤਾਂ ਸੀ ਮਜ਼ਬੂਰੀ ਉਹ ਖਾਰੇ ਸਾਗਰ ਦੀ ਹਿੱਕ ਤੇ ਜਾ ਬਰਸੀ, ਹੋਂਦ ਮਿਟਾ ਕੇ ਆਪਣੀ ਮੋਹ ਦੇ ਲਈ ਤਰਸੀ ਤੇ ਮੈਂ ਕਿਣਕਾ ਕਿਣਕਾ ਹੋ ਕੇ ਮਜ਼ਬੂਰ ਜਿਹਾ ਹਵਾ ਦੇ ਠੇਡੇ ਖਾਵਾਂ, ਉਹਦਾ ਲੱਭਦਾ ਰਿਹਾ ਸਿਰਨਾਵਾਂ| ਹਾਂ ਜੇ ਅਸੀ ਮਿਲਦੇ ਤਾਂ ਮੇਰੇ ਕਿਣਕਿਆਂ ਦੀ ਪਿਆਸ ਤੇ ਉਹਦੇ ਮੋਹ ਦੇ ਪਾਣੀ ਮਿਲ ਕੇ ਸਮੇ ਦੀਆਂ ਮਾਰੂ ਹਵਾਵਾਂ ਨੂੰ ਠੱਲ੍ਹਣ ਵਾਲੀ ਕੰਧ ਬਣਦੇ ਜਾਂ ਫਿਰ ਖਾਰੇ ਸਾਗਰਾਂ ਦੀ ਛਾਤੀ ਚੀਰਨ ਵਾਲੇ ਮਿੱਠੇ ਮੋਹਾਂ ਦੇ ਪੁਲ ਬਣਦੇ!!!!
ਅਧੂਰੀ ਜਿਹੀ ਮਾਰੂਥਲ ਤੇ ਬੱਦਲੀ ਦੀ ਕਹਾਣੀ ਬੜੀ ਚੇਤੇ ਆਉਦੀ ਹੈ ਜਦ ਵੀ ਆਸਾਂ ਦਾ ਸਾਵਣ ਚੜ੍ਹਦਾ, ਜਦ ਵੀ ਸੱਧਰਾਂ ਮੌਲਣ .............................ਜਸਪ੍ਰੀਤ ਸਿਵੀਆਂ ’ਜੱਸੂ 13/7/2011