Tuesday, July 27, 2010

ਐਨੀ ਉਦਾਸ ਸ਼ਾਮ

ਐਨੀ ਉਦਾਸ ਸ਼ਾਮ ਨਾ ਸੀ ਦੇਖੀ ਕਦੇ
ਸੂਰਜ ਦੇ ਨਾਲ ਹੀ ਡੁੱਬ ਚੱਲਿਆ ਦਿਲ ਮੇਰਾ,

ਹਰ ਰੋਜ਼ ਕਤਲ ਹੁੰਦਾ ਹਾਂ ਤੇਰੀ ਯਾਦ ਹੱਥੋਂ
ਤੈਨੂੰ ਭੁੱਲਣ ਦਾ ਤਾਂ ਵੀ ਨਾ ਦਿਲ ਕਰੇ ਜੇਰਾ,

ਤੇਰੇ ਪੱਲੇ ਨਾਲ ਛੋਹ ਕੇ ਪੌਣਾਂ ਰੁਮਕਦੀਆਂ
ਮੇਰੀ ਤਾਂ ਝੋਲੀ ਵਿਚ ਬਸ ਠੰਡਾ ਸੀਤ ਨੇਰ੍ਹਾ,

ਰਾਹਾਂ ਦੀ ਧੂੜ ਬਣ ਛੋਹਾਂ ਤੇਰੇ ਪੈਰਾਂ ਨੂੰ
ਕਾਸ਼ ਐਨਾ ਉਚਾ ਹੋ ਜਾਏ ਮੁਕਾਮ ਮੇਰਾ,

ਸੰਦਲੀ ਪੌਣਾਂ, ਮਸਤ ਘਟਾਵਾਂ ਸਾਵਣ ਦੀਆਂ
ਦਿਲ ਮੇਰੇ ਨੂੰ ਕੀ ਦੱਸਾਂ ਮੈਂ ਸਿਰਨਾਵਾਂ ਤੇਰਾ,

ਜਿਉਂ ਦਿਨ ਤੇ ਰਾਤ, ਜਿਉਂ ਫੁੱਲ ਤੇ ਖੁਸ਼ਬੂ
ਹੋ ਜਾਵੇ ਰਿਸ਼ਤਾ ਐਸਾ ਤੇਰਾ ਤੇ ਮੇਰਾ, ......ਜਸਪ੍ਰੀਤ ਸਿਵੀਆਂ 27/07/2010

Tuesday, July 13, 2010

ਆਪਣੇ ਕਰੀਬ ਜਾਪਦਾ........

ਉਹ ਮੈਨੂੰ ਆਪਣੇ ਏਨਾ ਕਰੀਬ ਜਾਪਦਾ
ਉਹਦੇ ਬਾਰੇ ਨਾ ਸੋਚਣਾ ਬੜਾ ਅਜੀਬ ਜਾਪਦਾ,

ਕਰ ਰਿਹਾ ਦੁਆਵਾਂ ਲੁੱਟਣ ਵਾਲੇ ਲਈ ਵੀ
ਇਹ ਤਾਂ ਕੋਈ ਸੱਚਾ ਫਕੀਰ ਜਾਪਦਾ,

ਏਸ ਮੁਖੌਟੇ ਹੇਠਾਂ ਸ਼ੈਤਾਨ ਹੈ ਲੁਕਿਆ
ਬਾਹਰੋਂ ਹਾਕਮ ਬੜਾ ਸ਼ਰੀਫ ਜਾਪਦਾ,

ਨਾ ਖੁਸ਼ੀ ਮੁਹੱਬਤ ਦੀ ਨਾ ਗਮ ਵਿਛੋੜੇ ਦਾ
ਖਾਲੀ ਦਿਲ ਸਾਡਾ ਬੜਾ ਗਰੀਬ ਜਾਪਦਾ,

ਰੋਕ ਰਿਹਾ ਪੱਥਰਾਂ ਨੂੰ ਸਿਜਦੇ ਕਰਨੇ ਤੋਂ
ਅੱਜ ਦੇ ਰੱਬ ਦਾ ਕੋਈ ਰਕੀਬ ਜਾਪਦਾ,............ਜਸਪ੍ਰੀਤ ਸਿਵੀਆਂ 13/07/2010

Wednesday, July 7, 2010

ਪਿਆਸ

ਤੈਨੂੰ ਮਿਲਣ ਦੀ ਪਿਆਸ ਹੀ ਮੈਨੂੰ ਪੀ ਗਈ
ਜਿਉਂ ਕੋਈ ਨਦੀ ਸੀਨੇ ਰੇਤ ਦੇ ਲਹਿ ਗਈ

ਬੜੀ ਕੋਸ਼ਿਸ਼ ਕੀਤੀ ਸਭ ਤੋਂ ਲੁਕਾਉਣ ਦੀ
ਪਰ ਚੀਸ ਇਕ ਦਰਦ ਸਾਰਾ ਕਹਿ ਗਈ

ਸਾਰੀ ਉਮਰ ਕੀਤਾ ਸਫਰ ਤੇਰੇ ਵੱਲ ਨੂੰ
ਦੂਰੀ ਫੇਰ ਵੀ ਸਾਡੇ ਵਿਚਕਾਰ ਰਹਿ ਗਈ...........ਜਸਪ੍ਰੀਤ ਸਿਵੀਆਂ 07/07/2010