Monday, August 8, 2011

ਜੁਗਨੂੰ

ਦੂਰ ਖਲਾਅ ਵਿਚ
ਡੁੱਬਦਾ ਸੂਰਜ ਤੱਕ
ਹਾਕਮਾਂ ਦੇ ਚਿਹਰੇ ਖਿਲ ਗਏ
ਰਾਜ ਭਵਨਾਂ ਤੋ. ਐਲਾਨ ਹੋਏ
ਕਿ ਰੌਸ਼ਨੀ ਦਾ ਯੂੱਗ ਬੀਤ ਗਿਆ
ਹਕੂਮਤੀ ਵਾਜੇ ਚੀਕੇ
ਕਿ ਚਾਨਣ ਦੀ ਕੁੱਖ ਬਾਂਝ ਹੋ ਗਈ
ਕਿਰਨਾਂ ਦੇ ਸਿਰ ਦਾ ਸਾਂਈ ਉਠ ਗਿਆ,
ਚਾਰ ਚੁਫੇਰ ਛਾਏ ਹਨੇਰ ਵਿੱਚ
ਘਬਰਾਈ ਮਨੁੱਖਤਾ
ਦੂਰ ਕਿਸੇ ਕੋਨੇ ਜਾ ਬੈਠੀ ਸੀ
ਡਰੀ-ਡਰੀ, ਸਹਿਮੀ-ਸਹਿਮੀ,
ਮਨੁੱਖਤਾ ਦੀ ਆਸ ਬਣੇ ਸਨ ਉਦੋ.
ਜੁਗਨੂੰਆਂ ਵਾਂਗ ਟਿਮਕਦੇ ਕੁਝ ਲੋਕ
ਹਨੇਰਿਆਂ ਦੀ ਘੁਲਾੜੀ ਵਿਚ ਪਿਸਦੇ
ਲੋਆਂ ਵੰਡਦੇ
ਹਕੂਮਤੀ ਜਬਰ ਹੰਢਾਉਂਦੇ
ਝੂਠੇ ਐਲਾਨਾਂ ਦਾ ਮੂੰਹ ਚਿੜਾਉਂਦੇ
ਮਨੁੱਖਤਾ ਦਾ ਰਾਹ ਰੁਸ਼ਨਾਉਂਦੇ
ਚੇਤਨਾ ਦੀ ਜਾਗ ਲਾਉਂਦੇ,
ਸ਼ੂਕਦਾ ਦਰਿਆ ਬਣ
ਸੂਰਜ ਵੱਲ ਤੁਰੇ
ਜੁਗਨੂੰਆਂ ਦੀ ਗਿਣਤੀ
ਵਧ ਰਹੀ ਹੈ
ਦਿਨ ਦੂਣੀ ਰਾਤ ਚੌਣੀ
ਦੂਰ ਦਿਸਹੱਦੇ ਤੇ
ਪਹੁ ਫੁਟਦੀ ਤੱਕ
ਤਿਲਮਿਲਾ ਉਠੇ ਨੇ ਹਾਕਮ
ਚਾਨਣ ਨੂੰ ਬੰਨਣ ਲਈ
ਜੁਗਨੂੰਆਂ ਦਾਂ ਹੱਠ ਭੰਨਣ ਲਈ
ਵਾਛੜ ਅੱਗ ਦੀ ਨੇ ਕਰ ਰਹੇ
ਪਰ ਜੁਗਨੂੰ ਤਾਂ ਅੱਗ ਖਾ ਕੇ
ਦਗਦੇ ਸੂਰਜਾਂ ਵਿਚ ਨੇ ਢਲ ਰਹੇ
ਚੜ੍ਹ੍ਰਦੀ ਸਵੇਰ ਦੀ ਲਾਲੀ ਵਿਚ
ਜੁਗਨੂੰਆਂ ਦੇ ਐਲਾਨ ਗੂੰਜਦੇ ਨੇ
ਕਿ ਚਾਨਣ ਦੀ ਕੁੱਖ ਕਦੇ ਬਾਂਝ ਨਹੀਂ ਹੁੰਦੀ
ਕਿਰਨਾਂ ਦੀ ਕਦੇ ਮੌਤ ਨਹੀ ਹੁੰਦੀ............. ਜਸਪ੍ਰੀਤ ਸਿਵੀਆਂ 01/06/2011

ਬੱਦਲੀ ਤੇ ਮਾਰੂਥਲ

ਬੱਦਲੀ ਤੇ ਮਾਰੂਥਲ ਦੀ ਇਹ ਕਹਾਣੀ ਬੜੀ ਪੁਰਾਣੀ ਹੈ ਸ਼ਾਇਦ , ਪਰ ਜਦ ਵੀ ਕਿਧਰੇ ਆਸਾਂ ਦਾ ਸਾਵਣ ਚੜ੍ਹਦਾ, ਅੱਲੜ੍ਹ ਸੁਪਨਿਆਂ ਦੀਆਂ ਘਟਾਵਾਂ ਮਨ ਦੇ ਵਿਹੜੇ ਛਾਵਣ ਤਾਂ ਚੇਤੇ ਆਉਦੀ ਹੈ ਇਹੋ ਕਹਾਣੀ| ਇਕ ਮਾਰੂਥਲ ਆਮ ਜਿਹਾ, ਪਰ ਫਿਰ ਵੀ ਜਿਵੇ ਹੋਰਨਾਂ ਮਾਰੂਥਲਾਂ ਵਰਗਾ ਨਹੀ. ਸੀ, ਉਹ ਆਪਣੀ ਤੇਹ ਦੀ ਸੀਮਾ ਵਾਚਣਾ ਚਾਹੁੰਦਾ ਸੀ ਸ਼ਾਇਦ ਜਾਂ ਸੋਚਦਾ ਸੀ ਕਿ ਪਿਆਸ ਬੁਝਾ ਆਪਣੀ ਮਾਰੂਥਲ ਤੋ.ਹਰਾ ਮੈਦਾਨ ਹੋ ਜਾਵਾਂ ਜਿੱਥੇ ਖੁਸ਼ੀਆਂ ਦੇ ਫੁੱਲ ਟਹਿਕਣ, ਸੱਧਰਾਂ ਦੀਆਂ ਬਹਾਰਾਂ ਮਹਿਕਣ, ਕੁਦਰਤ ਦੇ ਰੰਗ ਵਿੱਚ ਰੰਗ ਕੇ ਜਿੱਥੇ ਪੈਰ ਆਦਮ ਹਵਾ ਦੇ ਬਹਿਕਣ, ਪਰ ਹੈ ਤਾਂ ਮਾਰੂਥਲ ਸੀ ਨਾ, ਜ਼ਰਾ-ਜ਼ਰਾ ਤਿਹਾਇਆ| ਸੁਣਿਆ ਇਕ ਵਾਰ ਇਕ ਬੱਦਲੀ ਜਿਵੇ. ਭਟਕ ਗਈ ਹੋਵੇ ਸਮਿਆਂ ਦੇ ਦਸਤੂਰ ਤੋਂ, ਮਾਰੂਥਲ ਦੇ ਕੋਲ ਦੀ ਗੁਜ਼ਰੀ, ਬੜੀ ਨਿਰਛਲ ਜਿਹੀ, ਮੋਹ ਦੇ ਪਾਣੀਆਂ ਸੰਗ ਭਰੀ ਤੇ ਸੁਪਨਿਆਂ ਲੱਦੀ, ਮਹਿਕਾਂ ਵੰਡਦੀ ਮਾਰੂਥਲ ਦੇ ਖਿਆਲਾਂ ਦੇ ਰੰਗ ਵਰਗੀ| ਮਾਰੂਥਲ ਨੇ ਆਪਣਾ ਕਿਣਕਾ-ਕਿਣਕਾ ਖੋਲ੍ਹ ਕੇ ਰੱਖ ਦਿੱਤਾ ਤੇ ਬੱਦਲੀ ਜਿਵੇ ਵਹਿਣ ਹੀ ਲੱਗੀ ਸੀ ਉਦੇ ਕਿਣਕਿਆਂ ਦੀ ਤੇਹ ਵਿੱਚ| ਪਰ ਫਿਰ ਜਿਵੇ. ਬੱਦਲੀ ਘਬਰਾ ਗਈ ਮਾਰੂਥਲ ਦੇ ਪਿਆਸ ਦੇਖ ਲੱਗਿਆ ਮੇਰੇ ਮੋਹ ਦੇ ਪਾਣੀ ਤਾਂ ਰੁੜ੍ਹ ਜਾਣਗੇ ਇਹਦੇ ਜ਼ਰਿਆਂ ਸੰਗ ਮੁੱਕ ਜਾਵੇਗੀ ਮੇਰੀ ਹੋਂਦ| ਤੇ ਆਪਣੀ ਹੋਦ ਦੀ ਸਲਾਮਤੀ ਲਈ ਬੱਦਲੀ ਨੇ ਖੁਦ ਨੁੰ ਸਮੇਟ ਕੇ ਸਾਗਰਾਂ ਦਾ ਰੁਖ ਕੀਤਾ| ਸ਼ਇਦ ਉਹ ਸੋਚਦੀ ਸੀ ਜਿੱਥੇ ਬੇਥਾਹ ਪਾਣੀ ਹੈ ਉਥੇ ਹਮੇਸ਼ਾ ਕਾਇਮ ਰਹੇਗੀ ਮੇਰੀ ਹੋਂਦ| ਪਰ ਚੇਤੇ ਨਾ ਰਿਹਾ ਕਿ ਉਥੇ ਤਾਂ ਖੁਦਕੁਸ਼ੀਆਂ ਕਰ ਗਈਆਂ ਨੇ ਵੱਡੀਆਂ ਵੱਡੀਆਂ ਨਦੀਆਂ ਕਈ, ਉਥੇ ਤਾਂ ਅੱਖਾਂ ਦੇ ਨੀਰ ਤੇ ਮੋਹ ਦੇ ਪਾਣੀ ਕੋਈ ਅਰਥ ਨਾ ਰੱਖਦੇ| ਤੇ ਉਹ ਵੀ ਵਰ੍ਹ ਗਈ ਆਪਣੇ ਮੋਹ ਦੇ ਪਾਣੀਆਂ ਸੰਗ ਖਾਰੇ ਸਾਗਰ ਦੀ ਛਾਤੀ ਤੇ| ਫਿਰ ਹੋਦ ਕਿੱਥੇ ਰਹਿਣੀ ਸੀ ਸਾਗਰ ਦੇ ਸਾਹਮਣੇ ਬੱਦਲੀ ਦੀ|ਮੀਲਾਂ ਤੱਕ ਫੈਲੇ ਖਾਰੇ ਪਾਣੀਆਂ ’ਚ ਕਿਵੇਂ ਬਚਦੇ ਮੋਹ ਦੇ ਪਾਣੀਆਂ ਦੇ ਅਰਥ|ਉਧਰ ਮਾਰੂਥਲ ਵੀ ਆਪਣੀ ਪਿਆਸ ਬੁਝਾਵਣ ਲਈ,ਬੱਦਲੀ ਦੇ ਸਿਰਨਾਵਾਂ ਛਾਣਦਾ, ਹਵਾਂ ਦੇ ਸੰਗ ਕਿਣਕਾ ਕਿਣਕਾ ਹੋ ਕੇ ਬਿਖਰ ਗਿਆ ਮਾਰੂਥਲ ਨਹੀ. ਸੀ ਕਿਤੇ ਹੁਣ, ਪਰ ਉਹ ਜਾਣ ਗਿਆ ਕਿ ਬੱਦਲੀ ਤੇਹ ਤੋ. ਨਾ ਸੀ ਘਬਰਾਈ ਉਹਦੇ ਹੱਥ ਤਾਂ ਕੁਝ ਨਾ ਸੀ ਇਹ ਤਾਂ ਸਮਿਆਂ ਦੀ ਬੇਦਰਦੀ ਪੌਣ ਨੇ ਤਹਿ ਕੀਤੀ ਮੰਜ਼ਿਲ ਉਸਦੇ ਵਰ੍ਹਨ ਦੀ ਤੇ ਉਹ ਮਜ਼ਬੂਰ ਜਿਹੀ, ਲਾਚਾਰ ਜਿਹੀ ਆਪਣੇ ਸੰਗ ਲੜ੍ਹਦੀ, ਬੇਰੋਕ ਬੇਰਹਿਮ ਪੌਣਾਂ ਸੰਗ ਵਹਿੰਦੀ ਲੰਘ ਨਾ ਸਕੀ ਸਮਿਆਂ ਦੀ ਸੀਮਾਵਾਂ ਤੇ ਹੋਦ ਗਵਾ ਬੈਠੀ| ਮਾਰੂਥਲ ਸੋਚਦਾ ਕਿ ਹੋਂਦ ਤਾਂ ਉਸਦੀ ਮਿਟ ਜਾਣੀ ਹੀ ਸੀ ਮੇਰੇ ਕਿਣਕਿਆਂ ਦੀ ਤੇਹ ਤੋ ਆਪਣੇ ਮੋਹ ਦੇ ਪਾਣੀ ਵਾਰ ਕੇ ਵੀ| ਪਰ ਫਿਰ ਮੇਰੀ ਵੀ ਤਾ ਕੋਈ ਹੋਂਦ ਨਾ ਰਹਿੰਦੀ|ਤੇ ਇਕ ਨਵੀ ਹੋਂਦ ਜਨਮ ਲੈਦੀ ਜੋ ਨਾ ਜਾਣਦੀ ਪਰਿਭਾਸ਼ਾ ਅਧੂਰੇਪਨ ਦੀ, ਪਾਣੀਆਂ ਤੇਹ ਦੀ, ਹਵਾਵਾਂ ਸੰਗ ਵਹਿਣ ਦੀ ਮਜ਼ਬੂਰੀ| ਉਹਦੇ ਮੋਹ ਦੇ ਪਾਣੀਆਂ ਵਿੱਚ ਬੱਝੇ ਮੇਰੇ ਕਿਣਕੇ ਬਣਦੇ ਉਹ ਥਾਂ ਜਿੱਥੇ ਸਾਡੇ ਸੁਪਨੇ ਮੌਲਦੇ, ਸਧਰਾਂ ਨੂੰ ਬੂਰ ਪੈਦੇ ਤੇ| ਤੇ ਹੁਣ ਮਾਰੂਥਲ ਕਿੰਨੇ ਹੀ ਸਮਿਆਂ ਤੋ. ਚੁੱਪ ਚਾਪ ਜਿਵੇ ਬੱਦਲੀ ਦਾ ਹੁੰਗਾਰਾ ਉਡੀਕਦਾ ਹੋਵੇ ਉਹ ਸੋਚਦਾ ਦੋਵਾਂ ਦਾ ਅਧੂਰਾਪਨ ਹੀ ਤਾਂ ਸੀ ਮਜ਼ਬੂਰੀ ਉਹ ਖਾਰੇ ਸਾਗਰ ਦੀ ਹਿੱਕ ਤੇ ਜਾ ਬਰਸੀ, ਹੋਂਦ ਮਿਟਾ ਕੇ ਆਪਣੀ ਮੋਹ ਦੇ ਲਈ ਤਰਸੀ ਤੇ ਮੈਂ ਕਿਣਕਾ ਕਿਣਕਾ ਹੋ ਕੇ ਮਜ਼ਬੂਰ ਜਿਹਾ ਹਵਾ ਦੇ ਠੇਡੇ ਖਾਵਾਂ, ਉਹਦਾ ਲੱਭਦਾ ਰਿਹਾ ਸਿਰਨਾਵਾਂ| ਹਾਂ ਜੇ ਅਸੀ ਮਿਲਦੇ ਤਾਂ ਮੇਰੇ ਕਿਣਕਿਆਂ ਦੀ ਪਿਆਸ ਤੇ ਉਹਦੇ ਮੋਹ ਦੇ ਪਾਣੀ ਮਿਲ ਕੇ ਸਮੇ ਦੀਆਂ ਮਾਰੂ ਹਵਾਵਾਂ ਨੂੰ ਠੱਲ੍ਹਣ ਵਾਲੀ ਕੰਧ ਬਣਦੇ ਜਾਂ ਫਿਰ ਖਾਰੇ ਸਾਗਰਾਂ ਦੀ ਛਾਤੀ ਚੀਰਨ ਵਾਲੇ ਮਿੱਠੇ ਮੋਹਾਂ ਦੇ ਪੁਲ ਬਣਦੇ!!!!
ਅਧੂਰੀ ਜਿਹੀ ਮਾਰੂਥਲ ਤੇ ਬੱਦਲੀ ਦੀ ਕਹਾਣੀ ਬੜੀ ਚੇਤੇ ਆਉਦੀ ਹੈ ਜਦ ਵੀ ਆਸਾਂ ਦਾ ਸਾਵਣ ਚੜ੍ਹਦਾ, ਜਦ ਵੀ ਸੱਧਰਾਂ ਮੌਲਣ .............................ਜਸਪ੍ਰੀਤ ਸਿਵੀਆਂ ’ਜੱਸੂ 13/7/2011

Wednesday, May 25, 2011

ਭੁੱਖ......

ਤੇਰਾ ਚੇਤਾ
ਵਸਿਆ ਹੈ ਮੇਰੇ ਸਾਹਾਂ ਵਿਚ
ਮੇਰੇ ਸਖਤ ਹੱਥਾਂ ਤੇ
ਪਏ ਅੱਟਣਾਂ ਵਾਂਗ,
ਤੇਰਾ ਚੇਤਾ
ਸਬੂਤ ਹੈ
ਮੇਰੀ ਰੂਹ ਦੀ ਕਮਾਈ ਦਾ
ਤੇ ਅੱਟਣ ਬਿਆਨ ਹਨ
ਭੁੱਖ ਨਾਲ ਸਾਡੀ ਲੜਾਈ ਦਾ,
ਤੂੰ ਕਹੇਂਗਾ ਭੁੱਖ ਤੇ ਰੂਹ ?
ਬੜਾ ਅਜੀਬ ਜਿਹਾ ਲੱਗਦਾ
ਪਰ ਜਿੱਥੇ
ਭੁੱਖ ਦੀ ਸਤਾਈ ਕਿਸੇ ਕੰਜਕ ਦੀ
ਮਾਸੂਮ ਰੂਹ
ਖੁਦਕੁਸ਼ੀ ਕਰ ਜਾਂਦੀ ਹੈ
’ਬਾਈ’ ਦੇ ਕੋਠੇ ਦੀ ਕਿਸੇ ਸਲ੍ਹਾਬੀ ਨੁੱਕਰ ’ਚ
ਲਾਚਾਰੀ ਤੇ ਬੇਵੱਸੀ ਸੰਗ ਘੁਲਦੀ
ਕੋਈ ਰੂਹ ਟੈਂਕੀ ਤੇ ਚੜ੍ਹਕੇ
ਸੁਆਹ ਹੋ ਜਾਂਦੀ ਹੈ ਅੱਗ ਦੀ ਉਮਰੇ
ਇੱਥੇ ਰੂਹ ਦੇ
ਸਾਰੇ ਸੁਆਲਾਂ ਜਵਾਬਾਂ ਤੋਂ ਪਹਿਲਾਂ
ਹੱਲ ਕਰਨਾਂ ਪੈਂਦਾ
ਭੁੱਖਾਂ ਦੇ ਸਮੀਕਰਨਾਂ ਨੂੰ,
ਆ ਰੂਹਾਂ ਦੀਆਂ ਕਾਤਲ
ਇਹਨਾਂ ਫਿਜ਼ਾਵਾਂ ਨੂੰ ਬਦਲਣ ਦਾ
ਅਹਿਦ ਲਈਏ
ਤਾਂ ਜੋ ਭੁੱਖ ਨੂੰ ਕਰ ਸਕੀਏ ਮਨਫੀ
ਰੂਹਾਂ ਦੇ ਮਾਸੂਮ ਹਿਸਾਬਾਂ ’ਚੋਂ.......ਜਸਪ੍ਰੀਤ ਸਿਵੀਆਂ 4/4/11

Sunday, November 21, 2010

ਹਰ ਵਾਰ.......

ਹਰ ਵਾਰ ਕਿਨਾਰਿਉਂ ਮੁੜ ਜਾਣੇਂ

ਕਦੇ ਤਾਂ ਮੇਰੇ ਅੰਦਰ ਲਹਿ ਕੇ ਵੇਖ,



ਹਰ ਵੇਲੇ ਰਾਗ ਅਲਾਪੇ ’ਮੈਂ’ ਦਾਂ

ਕਦੇ ’ਅਸੀਂ’ ਵੀ ਕਹਿ ਕੇ ਵੇਖ



ਹਰ ਦਮ ਰਹੇਂ ਬੱਝਿਆਂ ਰਸਮਾਂ ’ਚ

ਕਦੇ ਮੇਰੀ ਮੌਜ ’ਚ ਵਹਿ ਕੇ ਵੇਖ



ਤੱਕਣੀ ਜੇ ਹਕੀਕਤ ਜ਼ਿੰਦਗੀ ਦੀ

ਮੌਤ ਦੇ ਦਰ ’ਤੇ ਬਹਿ ਕੇ ਵੇਖ



ਚੱਲ ਚੱਲੀਏ ਸਾਡੇ ਨਿਰਛਲ ਪਿੰਡ ਨੂੰ

ਸ਼ਹਿਰ ਤੇਰੇ ਨੂੰ ਅਲਵਿਦਾ ਕਹਿ ਕੇ ਵੇਖ......ਜਸਪ੍ਰੀਤ ਸਿਵੀਆਂ 21\11\2010

Wednesday, November 10, 2010

ਰੋਹੀ ਦੀ ਕਿੱਕਰ

ਤੁਸਾਂ ਦਾ ਕੋਈ ਦੋਸ਼ ਨਹੀਂ

ਰੋਹੀ ਦੀ ਕਿੱਕਰ

ਹੋਣ ਦਾ ਦਰਦ

ਤੁਸੀਂ ਕਿੰਜ ਜਾਣੋ

ਘਰਾਂ ਦੇ ਵਿਹੜਿਆਂ ’ਚ

ਝੂਮਦੇ ਨਿੰਮੋ |

ਜੇਠ, ਹਾੜ ਦੇ ਦੁਪਹਿਰੇ

ਧੁੱਪਾਂ ਨਾਲੋਂ ਵੀ ਵੱਧਕੇ

ਸਾੜਦੀਆ ਨੇ ਛਾਵਾਂ

ਜਦ

ਛਾਂ ਨੂੰ ਮਾਨਣ ਵਾਲਾ

ਕੋਈ ਨਹੀਂ ਹੁੰਦਾ |

ਪੈਣਾਂ ਦੇ ਝੱਖੜ ਸਹਿਕੇ

ਪਾਣੀ ਦੀ ਔੜ ਜਰਕੇ

ਮੈਂ ਫੌਤ ਨਹੀਂ ਹੁੰਦਾ

ਮੈਂ ਰੋਹੀ ਦੀ ਕਿੱਕਰ ਹਾਂ,

ਪਰ ਇਕੱਲਤਾ ਦੇ ਸੇਕ ’ਚ

ਸੜ ਜਾਣਾਂ ਅੰਤ ਨੂੰ

ਸੁੱਕੇ ਛੱਪੜ ’ਚ

ਤੜਪਦੀ ਮੱਛੀ ਵਾਂਗ |

ਕਿਉਂ ਮੇਰੇ ਹੀ ਲੇਖਾਂ ’ਚ ਹੈ

ਵਾਰ-ਵਾਰ

ਰੋਹੀ ਦੀ ਕਿੱਕਰ ਹੋਣਾ...? ਜਸਪ੍ਰੀਤ ਸਿਵੀਆਂ 11/11/2010

Saturday, September 25, 2010

ਮਾਏ ਨੀ ਮਾਏ

ਮਾਏ ਨੀ ਮਾਏ
ਜਦ ਤੋਂ ਹੋਸ਼ ਸੰਭਾਲੀ ਨੀ ਮਾਏ
ਮੁੱਕ ਚੱਲੇ ਅਸੀਂ ਮਿਹਨਤ ਕਰਦੇ
ਫਿਰ ਵੀ ਰਹਿੰਦਾ ਖੀਸਾ ਖਾਲੀ ਨੀ ਮਾਏ

ਮਾਏ ਨੀ ਮਾਏ
ਸਾਡੀ ਕੀ ਹਸਤੀ ਨੀ ਮਾਏ
ਛੁਪਾ ਛੁਪਾ ਰੱਖੀਏ ਜੋਬਨ ਆਪਣਾ
ਇਹ ਬਘਿਆੜਾਂ ਦੀ ਬਸਤੀ ਨੀ ਮਾਏ

ਮਾਏ ਨੀ ਮਾਏ
ਇਹ ਕਿਸਦਾ ਦੇਸ ਨੀ ਮਾਏ
ਸੜਕਾਂ ਉਤੇ ਰੋੜੀ ਕੁੱਟਦਿਆਂ
ਰੁਲ ਗਏ ਸੁਪਨੇ ਅੱਲੜ ਵਰੇਸ ਨੀ ਮਾਏ

ਮਾਏ ਨੀ ਮਾਏ
ਕੀਹਨੂੰ ਦਿਲ ਦਾ ਹਾਲ ਸੁਣਾਵਾਂ ਨੀ ਮਾਏ
ਰੋਟੀ ਲਈ ਰੂੜੀਆਂ ਉਤੋਂ ਕਾਗਜ਼ ਚੁਗਦਾ
ਦਿਲ ਕਰਦੈ ਸਕੂਲੇ ਜਾਵਾਂ ਨੀ ਮਾਏ

ਮਾਏ ਨੀ ਮਾਏ
ਕੌਣ ਲੈ ਗਿਆ ਸਾਡੇ ਚਾਨਣ ਨੀ ਮਾਏ
ਆਪਾਂ ਭੁੱਖਾਂ ਤੇਹਾਂ ਕੱਟਦੇ
ਵਿਹਲੜ ਮੌਜਾਂ ਮਾਣਨੇ ਨੀ ਮਾਏ

ਮਾਏ ਨੀ ਮਾਏ
ਕੀ ਸਾਡੇ ਨਾਲ ਬੀਤੀ ਨੀ ਮਾਏ
ਜ਼ੋਰੀਂ ਖੋਹਕੇ ਭੌਂ ਸਾਡੇ ਕੋਲੋਂ
ਨਾਂ ਟਾਟੇ ਬਿਰਲੇ ਦੇ ਕੀਤੀ ਨੀ ਮਾਏ

ਮਾਏ ਨੀ ਮਾਏ
ਭਗਤ ਵੀਰਾ ਦੱਸੇ ਕਾਜ ਨੀ ਮਾਏ
ਲੁੱਟ ਕਿਰਤਾਂ ਦੀ ਰੋਕਣ ਲਈ
ਬਦਲੋ ਲੋਟੂ ਨਿਜ਼ਾਮ ਨੀ ਮਾਏ

ਮਾਏ ਨੀ ਮਾਏ
ਚੱਲ ਕੋਈ ਜੁਗਤ ਬਣਾਈਏ ਨੀ ਮਾਏ
ਕਿਰਤੀ ਸਾਰੇ ਕਰੀਏ ਏਕਾ
ਗਲੋਂ ਗੁਲਾਮੀ ਲਾਹੀਏ ਨੀ ਮਾਏ

ਮਾਏ ਨੀ ਮਾਏ
ਖਤਮ ਕਰੀਏ ਹਨੇਰ ਨੀ ਮਾਏ
ਸ਼ਹੀਦਾਂ ਦੇ ਸੁਪਨਿਆਂ ਵਾਲੀ
ਲਿਆਈਏ ਨਵੀਂ ਸਵੇਰ ਨੀ ਮਾਏ
ਮਾਏ ਨੀ ਮਾਏ……. . . . ਜਸਪ੍ਰੀਤ ਸਿਵੀਆਂ 25/09/2010

Tuesday, August 24, 2010

ਫੁੱਲ ਰਿਸ਼ਤਿਆਂ ਦੇ....

ਜਿਸਮਾਂ ਦੀ ਬੰਜਰ ਮਿੱਟੀ ਅੰਦਰ
ਕਦੇ ਨਾ ਮਹਿਕਣ
ਰਿਸ਼ਤੇ ਪਿਆਰਾਂ ਦੇ
ਰੂਹਾਂ ਦੇ ਜ਼ਰਖੇਜ਼ ਖੇਤਾਂ ਵਿਚ
ਪਿਆਰ ਦੇ ਪਾਣੀਆਂ ਸੰਗ
ਖਿੜਦੇ ਫੁੱਲ ਰਿਸ਼ਤਿਆਂ ਦੇ,
ਜਦ ਤੂੰ ਗਾਉਂਦਾ ਸੈਂ
ਤਾਂ ਸੱਚੀ ਜਾਣੀਂ
ਮੇਰੀ ਰੂਹ ਵਿਚ
ਸੈਆਂ ਫੁੱਲਾਂ ਦੀ
ਮਹਿਕ ਭਰ ਜਾਂਦੀ,
ਫਿਰ ਤੂੰ ਵੀ ਜਿਵੇਂ
ਮਹਿਕ ਦਾ ਤਿਹਾਇਆ ਹੋਵੇਂ
ਲੈ ਉਡਿਆ ਮੇਰੀ ਰੂਹ ਨੂੰ
ਉਚੇ ਅੰਬਰਾਂ ਵੱਲ,
ਰੋਜ਼ ਮੇਰੀ ਰੂਹ ਦੇ ਖੇਤਾਂ ਸੰਗ
ਤੇਰੇ ਪਿਆਰ ਦੇ ਪਾਣੀ
ਸੰਵਾਦ ਰਚਾਉਂਦੇ
ਰੋਜ਼ ਨਵੇਂ ਫੁੱਲ ਖਿੜਦੇ
ਉਡਾਰੀ ਹੋਰ ਉਚੀ ਹੁੰਦੀ,
ਪਰ ਇਕ ਦਿਨ ਤੂੰ
ਰੂਹਾਂ ਦੀ ਪਰਵਾਜ਼ ਤੋਂ ਅੱਕ
ਕਿਹਾ ਜਿਸਮ ਬਿਨਾਂ
ਰੂਹ ਦੀ ਹੋਂਦ ਕੀ ਹੈ?
ਤੇ ਗੁੰਨ ਦਿੱਤੀ
ਮੇਰੇ ਜਿਸਮ ਦੀ ਮਿੱਟੀ
ਆਪਣੀ ਰੂਹ ਦੀ
ਹੋਂਦ ਜਤਾਵਣ ਲਈ,
ਉਸੇ ਦਿਨ ਤੋਂ
ਤੇਰੇ ਪਿਆਰ ਦਾ ਪਾਣੀ
ਜਿਸਮ ਦੀ ਮਿੱਟੀ ਨਾਲ
ਗੰਧਲਿਆ, ਖਾਰਾ ਹੋਇਆ,
ਕੱਲਰ ਕਰ ਰਿਹਾ
ਮੇਰੀ ਰੂਹ ਦੀ ਧਰਤੀ,
ਤੇ ਜਿਹੜੇਂ ਰਾਹੀਂ
ਵਗਦੇ ਖੂਹ
ਸੁੱਚੇ ਪਿਆਰਾਂ ਦੇ
ਉਹਨਾਂ ਤੇ ਪਈ
ਮੇਰੀ ਜਿਸਮ ਦੀ ਮਿੱਟੀ
ਰੋੜ੍ਹੇ ਕੰਕਰ ਬਣਕੇ,
ਦੱਸ ਹੁਣ ਕਿੰਜ ਖਿੜਾਵਾਂ
ਮੈਂ ਫੁੱਲ ਰਿਸ਼ਤਿਆਂ ਦੇ?.......ਜਸਪ੍ਰੀਤ ਸਿਵੀਆਂ 24/08/2010