Monday, August 8, 2011

ਜੁਗਨੂੰ

ਦੂਰ ਖਲਾਅ ਵਿਚ
ਡੁੱਬਦਾ ਸੂਰਜ ਤੱਕ
ਹਾਕਮਾਂ ਦੇ ਚਿਹਰੇ ਖਿਲ ਗਏ
ਰਾਜ ਭਵਨਾਂ ਤੋ. ਐਲਾਨ ਹੋਏ
ਕਿ ਰੌਸ਼ਨੀ ਦਾ ਯੂੱਗ ਬੀਤ ਗਿਆ
ਹਕੂਮਤੀ ਵਾਜੇ ਚੀਕੇ
ਕਿ ਚਾਨਣ ਦੀ ਕੁੱਖ ਬਾਂਝ ਹੋ ਗਈ
ਕਿਰਨਾਂ ਦੇ ਸਿਰ ਦਾ ਸਾਂਈ ਉਠ ਗਿਆ,
ਚਾਰ ਚੁਫੇਰ ਛਾਏ ਹਨੇਰ ਵਿੱਚ
ਘਬਰਾਈ ਮਨੁੱਖਤਾ
ਦੂਰ ਕਿਸੇ ਕੋਨੇ ਜਾ ਬੈਠੀ ਸੀ
ਡਰੀ-ਡਰੀ, ਸਹਿਮੀ-ਸਹਿਮੀ,
ਮਨੁੱਖਤਾ ਦੀ ਆਸ ਬਣੇ ਸਨ ਉਦੋ.
ਜੁਗਨੂੰਆਂ ਵਾਂਗ ਟਿਮਕਦੇ ਕੁਝ ਲੋਕ
ਹਨੇਰਿਆਂ ਦੀ ਘੁਲਾੜੀ ਵਿਚ ਪਿਸਦੇ
ਲੋਆਂ ਵੰਡਦੇ
ਹਕੂਮਤੀ ਜਬਰ ਹੰਢਾਉਂਦੇ
ਝੂਠੇ ਐਲਾਨਾਂ ਦਾ ਮੂੰਹ ਚਿੜਾਉਂਦੇ
ਮਨੁੱਖਤਾ ਦਾ ਰਾਹ ਰੁਸ਼ਨਾਉਂਦੇ
ਚੇਤਨਾ ਦੀ ਜਾਗ ਲਾਉਂਦੇ,
ਸ਼ੂਕਦਾ ਦਰਿਆ ਬਣ
ਸੂਰਜ ਵੱਲ ਤੁਰੇ
ਜੁਗਨੂੰਆਂ ਦੀ ਗਿਣਤੀ
ਵਧ ਰਹੀ ਹੈ
ਦਿਨ ਦੂਣੀ ਰਾਤ ਚੌਣੀ
ਦੂਰ ਦਿਸਹੱਦੇ ਤੇ
ਪਹੁ ਫੁਟਦੀ ਤੱਕ
ਤਿਲਮਿਲਾ ਉਠੇ ਨੇ ਹਾਕਮ
ਚਾਨਣ ਨੂੰ ਬੰਨਣ ਲਈ
ਜੁਗਨੂੰਆਂ ਦਾਂ ਹੱਠ ਭੰਨਣ ਲਈ
ਵਾਛੜ ਅੱਗ ਦੀ ਨੇ ਕਰ ਰਹੇ
ਪਰ ਜੁਗਨੂੰ ਤਾਂ ਅੱਗ ਖਾ ਕੇ
ਦਗਦੇ ਸੂਰਜਾਂ ਵਿਚ ਨੇ ਢਲ ਰਹੇ
ਚੜ੍ਹ੍ਰਦੀ ਸਵੇਰ ਦੀ ਲਾਲੀ ਵਿਚ
ਜੁਗਨੂੰਆਂ ਦੇ ਐਲਾਨ ਗੂੰਜਦੇ ਨੇ
ਕਿ ਚਾਨਣ ਦੀ ਕੁੱਖ ਕਦੇ ਬਾਂਝ ਨਹੀਂ ਹੁੰਦੀ
ਕਿਰਨਾਂ ਦੀ ਕਦੇ ਮੌਤ ਨਹੀ ਹੁੰਦੀ............. ਜਸਪ੍ਰੀਤ ਸਿਵੀਆਂ 01/06/2011

No comments:

Post a Comment