Tuesday, August 24, 2010

ਫੁੱਲ ਰਿਸ਼ਤਿਆਂ ਦੇ....

ਜਿਸਮਾਂ ਦੀ ਬੰਜਰ ਮਿੱਟੀ ਅੰਦਰ
ਕਦੇ ਨਾ ਮਹਿਕਣ
ਰਿਸ਼ਤੇ ਪਿਆਰਾਂ ਦੇ
ਰੂਹਾਂ ਦੇ ਜ਼ਰਖੇਜ਼ ਖੇਤਾਂ ਵਿਚ
ਪਿਆਰ ਦੇ ਪਾਣੀਆਂ ਸੰਗ
ਖਿੜਦੇ ਫੁੱਲ ਰਿਸ਼ਤਿਆਂ ਦੇ,
ਜਦ ਤੂੰ ਗਾਉਂਦਾ ਸੈਂ
ਤਾਂ ਸੱਚੀ ਜਾਣੀਂ
ਮੇਰੀ ਰੂਹ ਵਿਚ
ਸੈਆਂ ਫੁੱਲਾਂ ਦੀ
ਮਹਿਕ ਭਰ ਜਾਂਦੀ,
ਫਿਰ ਤੂੰ ਵੀ ਜਿਵੇਂ
ਮਹਿਕ ਦਾ ਤਿਹਾਇਆ ਹੋਵੇਂ
ਲੈ ਉਡਿਆ ਮੇਰੀ ਰੂਹ ਨੂੰ
ਉਚੇ ਅੰਬਰਾਂ ਵੱਲ,
ਰੋਜ਼ ਮੇਰੀ ਰੂਹ ਦੇ ਖੇਤਾਂ ਸੰਗ
ਤੇਰੇ ਪਿਆਰ ਦੇ ਪਾਣੀ
ਸੰਵਾਦ ਰਚਾਉਂਦੇ
ਰੋਜ਼ ਨਵੇਂ ਫੁੱਲ ਖਿੜਦੇ
ਉਡਾਰੀ ਹੋਰ ਉਚੀ ਹੁੰਦੀ,
ਪਰ ਇਕ ਦਿਨ ਤੂੰ
ਰੂਹਾਂ ਦੀ ਪਰਵਾਜ਼ ਤੋਂ ਅੱਕ
ਕਿਹਾ ਜਿਸਮ ਬਿਨਾਂ
ਰੂਹ ਦੀ ਹੋਂਦ ਕੀ ਹੈ?
ਤੇ ਗੁੰਨ ਦਿੱਤੀ
ਮੇਰੇ ਜਿਸਮ ਦੀ ਮਿੱਟੀ
ਆਪਣੀ ਰੂਹ ਦੀ
ਹੋਂਦ ਜਤਾਵਣ ਲਈ,
ਉਸੇ ਦਿਨ ਤੋਂ
ਤੇਰੇ ਪਿਆਰ ਦਾ ਪਾਣੀ
ਜਿਸਮ ਦੀ ਮਿੱਟੀ ਨਾਲ
ਗੰਧਲਿਆ, ਖਾਰਾ ਹੋਇਆ,
ਕੱਲਰ ਕਰ ਰਿਹਾ
ਮੇਰੀ ਰੂਹ ਦੀ ਧਰਤੀ,
ਤੇ ਜਿਹੜੇਂ ਰਾਹੀਂ
ਵਗਦੇ ਖੂਹ
ਸੁੱਚੇ ਪਿਆਰਾਂ ਦੇ
ਉਹਨਾਂ ਤੇ ਪਈ
ਮੇਰੀ ਜਿਸਮ ਦੀ ਮਿੱਟੀ
ਰੋੜ੍ਹੇ ਕੰਕਰ ਬਣਕੇ,
ਦੱਸ ਹੁਣ ਕਿੰਜ ਖਿੜਾਵਾਂ
ਮੈਂ ਫੁੱਲ ਰਿਸ਼ਤਿਆਂ ਦੇ?.......ਜਸਪ੍ਰੀਤ ਸਿਵੀਆਂ 24/08/2010

No comments:

Post a Comment