ਮੈਂ ਤਾਂ ਚਾਹੁੰਦਾ ਸਾਂ
ਤੈਨੂੰ ਲਿਖਾਂ,
ਸੂਹੇ ਰੰਗਾਂ ਦੀ ਚਮਕ ਬਾਰੇ
ਹਰੇ ਕਚੂਰ ਪੱਤਿਆਂ ਦੀ ਸਰਸਰਾਹਟ
ਵਗਦੇ ਪਾਣੀਆਂ ਦੀ ਸਰੋਦੀ ਕਲਕਲ
ਟਹਿਕਦੇ ਫੁੱਲਾਂ ਦੀ ਕਹਾਣੀ,
ਭਰ ਦੇਵਾਂ ਤੇਰੀ ਝੋਲੀ
ਖੁਸ਼ਬੋਆਂ ਲੱਦੀਆਂ ਪੌਣਾਂ ਨਾਲ|
ਪਰ ਉਦਾਸ ਮੌਸਮਾਂ ’ਚੋਂ ਲੰਘਦਿਆਂ
ਵਕਤ ਦੇ ਝੱਖੜ ਸਹਿੰਦਿਆਂ
ਸਾਡੇ ਰਿਸ਼ਤੇ ਉਤੇ ਛਾ ਗਈ ਹੈ
ਸਦੀਵੀ ਪਤਝੜ ਦੀ ਰੁੱਤ,
ਰੀਤ ਰਿਵਾਜਾਂ ਦੀ ਬਿਜਲੀ
ਕਹਿਰ ਬਣ ਡਿੱਗੀ ਹੈ
ਮੋਹ ਦੇ ਸਾਬਤ ਤਣੇ ’ਤੇ
ਹੁਣ ਤਾਂ ਝੱਖੜਾਂ ਦਾ ਝੰਬਿਆ
ਇਕ ਰੁੱਖ ਦਿਸਦਾ,
ਜੀਹਦੇ ਸੁੱਕੇ ਟਾਹਣਿਆਂ ਵਿਚੋਂ
ਹਰ ਪਲ ਮੁਹੱਬਤ ਦਾ ਲਹੂ ਸਿੰਮਦਾ
ਥੱਲੇ ਜੜ੍ਹਾਂ ’ਚ ਬਿਖਰੇ
ਯਾਦਾਂ ਦੇ ਪੀਲੇ ਪੱਤੇ
ਅੰਗਿਆਰਾਂ ਵਾਂਗ ਸਾੜਦੇ ਨੇ
ਪੈਰ ਮੇਰੇ|
ਮੈਂ ਤਾਂ ਚਾਹੁੰਦਾ ਸੀ
ਆਪਾਂ ਚਮਕਦੀ ਰਾਤ ਦੇਖੀਏ
ਕਦੇ ਚੰਨ ਦੀ ਛਾਂਵੇ ਬੈਠ ਪੂਰੀ ਰਾਤ
ਪਹੁ ਫੁੱਟਦੀ ਤੱਕੀਏ,
ਬੱਚਿਆਂ ਵਾਂਗੂ
ਤਾਰਿਆਂ ਦੀ ਲੱਪ ਭਰ ਖੇਡੀਏ
ਅਸਮਾਨੀ ਚਮਕਦੀ ਕੋਈ ਲੀਕ ਵੇਖ
ਝੱਟ ਮੰਗ ਲਈਏ ਖੁਸ਼ੀ ਕੁੱਲ ਜਹਾਨ ਦੀ
ਪਰ ਤਿਕੜੇ ਵਿਸ਼ਵਾਸ ਦੀਆਂ ਕਿਰਚਾਂ
ਖਾ ਗਈਆਂ ਨੇ ਚੰਨ ਦੀਆਂ ਠੰਡੀਆਂ ਰਿਸ਼ਮਾਂ
ਰਸਮਾਂ, ਬੰਧਨਾਂ ਦੀ ਕਾਲਖ ਹੇਠ ਦੱਬ ਗਏ
ਸਾਡੇ ਮੱਥੇ ਵਿਚ ਬਲਦੇ ਮੋਹ ਦੇ ਦੀਵੇ
ਇਕੱਲ ਦੀ ਇਸ ਕਾਲੀ ਬੋਲੀ ਰਾਤ ਵਿਚ,
ਨਾ ਹੁਣ ਕੋਈ ਤਾਰਾ ਲੱਭਦਾ,
ਨਾ ਕਿਸੇ ਆਸ ਦਾ ਜੁਗਨੂੰ ਹੀ ਜਗਦਾ|
ਮੈਂ ਤਾਂ ਚਾਹੁੰਦਾ ਸਾਂ...........ਜਸਪ੍ਰੀਤ ਸਿਵੀਆਂ 14/08/2010
No comments:
Post a Comment