Thursday, August 19, 2010

ਅਧੂਰੀ ਕਵਿਤਾ

ਅੱਜ ਤੜਕੇ
ਮੈ ਸੋਚਿਆ
ਪੂਰੀ ਕਰ ਲਵਾਂ
ਅਧੂਰੀ ਕਵਿਤਾ,
ਕਾਪੀ ਖੋਲ੍ਹ
ਬਹੁਤ ਉਲਝਿਆ
ਖਿਆਲਾਂ ਤੇ ਸ਼ਬਦਾਂ ਦਾ
ਕੋਈ ਮੇਲ ਨਾ ਬਣਿਆ|
ਫੇਰ ਮਾਂ ਦੀ ਆਵਾਜ਼
"ਪੁੱਤ ਨਹਾ ਲੈ ਹੁਣ
ਦਿਹਾੜੀ ਵੀ ਜਾਣਾ"
ਸੁਣ ਕੇ
ਕਾਪੀ ਖੁੱਲੀ ਛੱਡ
ਛੇਤੀ ਛੇਤੀ ਨਹਾ,
ਰੋਟੀ ਬੰਨ੍ਹ
ਸਾਇਕਲ ਦੇ ਡੰਡੇ 'ਤੇ,
ਹਰ ਰੋਜ਼ ਦੀ ਤਰ੍ਹਾਂ,
ਚੱਲ ਪਿਆ ਹਾਂ
ਕਿਸੇ ਸੇਠ ਦੀ
ਬਣ ਰਹੀ ਕੋਠੀ ਨੂੰ
ਮਿਸਤਰੀ ਨਾਲ,
ਕੋਠੀ ਦੀ ਨਿਉਂ ਭਰਦਿਆਂ
ਸਿਰ ਤੇ ਚੱਕੇ
ਗਾਰੇ ਦੇ ਭਰੇ ਬੱਠਲਾਂ ਨੂੰ
ਫੁੱਲਾਂ ਦੇ ਭਾਰ ਨਾਲ
ਤਸ਼ਬੀਹਾਂ ਦੇਣ ਦੀ ਕੋਸ਼ਿਸ਼ ਕਰਦਾਂ
ਪਰ ਹਰ ਵਾਰ ਖਿਆਲ
ਮੇਰੇ ਹੱਥੋਂ ਨਿਕਲ ਜਾਂਦਾ
ਜਿਵੇਂ ਰੁਮਾਂਟਿਕ ਕਵਿਤਾ
ਦੀ ਲੈਅ ਟੁੱਟ ਜਾਵੇ
ਯਥਾਰਥ ਨਾਲ ਟਕਰਾ ਕੇ
ਫੇਰ ਜਦੋਂ ਖਿਆਲ
ਪਕੜ 'ਚ ਆਉਣ ਲੱਗੇ
ਤਾਂ ਮਿਸਤਰੀ ਦੀ ਘੁਰਕੀ
ਨੇ ਖਿੰਡਾ ਦਿੱਤਾ ਸਭ ਕੁਝ
ਜਿਵੇਂ ਜ਼ਜਬੇ ਖਿੰਡ ਪੁੰਡ ਜਾਣ
ਪਿੰਗਲ ਅਰੂਜ਼ ਦੇ ਨਿਯਮਾਂ ਵਿਚ
ਸ਼ਾਮੀਂ ਅੱਟਣਾਂ ਭਰੇ
ਸੀਮਿੰਟ ਖਾਧੇ ਹੱਥ ਧੋਂਦਿਆਂ
ਜਖਮਾਂ ਤੇ ਮੱਲ੍ਹਮ ਲੱਗਣ ਵਰਗੇ
ਬਿੰਬ ਪ੍ਰਤੀਬਿੰਬ ਸਿਰਜਦਾਂ
ਪਰ ਹੱਥ
ਜਿਵੇ ਕੱਟੜ ਯਥਾਰਥਵਾਦੀ ਹੋਣ
ਮੱਚਦੇ ਹੀ ਰਹਿੰਦੇ ਹਨ
ਦਿਲ ਕਰਦਾ ਲਿਖਾਂ ਕੁਝ
ਉਬਲਦੇ ਹੋਏ ਲਾਵੇ ਵਰਗਾ
ਭੜਕਦੀ ਹੋਈ ਅੱਗ ਵਰਗਾ
ਬੱਸ ਭਟਕਦਾ ਰਹਿ ਜਾਣਾਂ
ਬੇਵੱਸੀ ਦੀ ਗੂੜ੍ਹੀ ਧੁੰਦ ਵਿਚ
ਅਧੂਰੀ ਰਹਿ ਜਾਂਦੀ ਹੈਂ ਕਵਿਤਾ
ਕਦੇ ਬਦਲੇ ਹੋਏ ਦਿਨਾਂ ’ਚ
ਜ਼ਰੂਰ ਲਿਖਾਂਗਾ ਇਹ ਕਵਿਤਾ
ਆਖਿਰ ਅਧੂਰੀ ਕਵਿਤਾ
ਨਾਲ ਤਾਂ ਜਿਉਂਇਆ ਨਹੀਂ ਜਾਂਦਾ...ਜਸਪ੍ਰੀਤ ਸਿਵੀਆਂ 19/08/2010

No comments:

Post a Comment